Punjabi | ਪੰਜਾਬੀ

ਅਸੀਂ ਇੱਥੇ ਤੁਹਾਡੀਆਂ ਬੈਂਕਿੰਗ ਸਮੱਸਿਆਵਾਂ ਹੱਲ ਕਰਨ ਲਈ ਹਾਂ

ਅਸੀਂ ਮੁਕਤ ਅਤੇ ਆਤਮ-ਨਿਰਭਰ ਹਾਂ

ਸਾਡੇ ਕੰਮ ਬਾਰੇ

ਸਾਡਾ ਕੰਮ ਬੈਂਕਾਂ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਕੇ ਉਨ੍ਹਾਂ ਦੀ ਮਦਦ ਕਰਨਾ ਹੈ। ਇਹ ਤੁਹਾਡੀ ਉਸ ਸੇਵਾ ਬਾਰੇ ਹੋ ਸਕਦੀ ਹੈ ਜੋ ਤੁਸੀਂ ਲੈ ਰਹੇ ਹੋ (ਜਾਂ ਨਹੀਂ ਲੈ ਰਹੇ)। ਇਹ ਕਿਸੇ ਕਰਜ਼ੇ, ਕ੍ਰੈਡਿਟ, ਡੇਬਿਟ ਜਾਂ ਟਰੈਵਲ ਕਾਰਡ, ਚੈੱਕਸ, ਕਿਸੇ ਆੱਨਲਾਈਨ ਘੁਟਾਲੇ, ਬੱਚਤਾਂ ਤੇ ਨਿਵੇਸ਼ਾਂ, ਮੋਬਾਇਲ ਬੈਂਕਿੰਗ ਜਾਂ ਵਿਦੇਸ਼ ਤੋਂ ਧਨ ਟ੍ਰਾਂਸਫ਼ਰ ਕਰਨ ਬਾਰੇ ਹੋ ਸਕਦੀ ਹੈ। ਜਦੋਂ ਵੀ ਕੋਈ ਸਮੱਸਿਆ ਹੋਵੇ, ਤਾਂ ਸਾਡੀ ਇਸ ਮੁਫ਼ਤ ਹੈਲਪਲਾਈਨ ’ਤੇ ਕਾਲ ਕਰੋ 0800 805 950. ਜੇ ਤੁਸੀ਼ ਅੰਗਰੇਜ਼ੀ ਨਹੀਂ ਬੋਲਦੇ, ਤਾਂ ਸਾਨੂੰ ਆਪਣੀ ਭਾਸ਼ਾ ਦੱਸੋ ਅਤੇ ਅਸੀਂ ਤੁਹਾਨੂੰ ਹੋਲਡ ’ਤੇ ਰੱਖਾਂਗੇ ਅਤੇ ਇੱਕ ਅਨੁਵਾਦਕ ਦਾ ਇੰਤਜ਼ਾਮ ਕਰ ਕੇ ਦੇਵਾਂਗੇ।

ਪਹਿਲਾਂ ਆਪਣੇ ਬੈਂਕ ਨਾਲ ਗੱਲਬਾਤ ਕਰੋ

ਸਾਡਾ ਸੁਝਾਅ ਹੈ ਕਿ ਸਾਡੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਆਪਣੀ ਸਮੱਸਿਆ ਸਿੱਧੀ ਆਪਣੇ ਬੈਂਕ ਨਾਲ ਹੱਲ ਕਰਨ ਦਾ ਜਤਨ ਕਰੋ। ਅਸੀਂ ਤੁਹਾਡੀ ਸਮੱਸਿਆ ਦੇ ਹੱਲ ਲਈ ਤੁਹਾਡੇ ਬੈਂਕ ਵਿਚ ਸਹੀ ਵਿਅਕਤੀਆਂ ਨਾਲ ਸੰਪਰਕ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਾਂ।  ਜੇ ਤੁਸੀਂ ਚਾਹੋ, ਤਾਂ ਅਸੀਂ ਵੀ ਤੁਹਾਡੀ ਸ਼ਿਕਾਇਤ ਤੁਹਾਡੀ ਤਰਫ਼ੋਂ ਬੈਂਕ ਨੂੰ ਭੇਜ ਸਕਦੇ ਹਾਂ। ਜੇ ਇੰਝ ਤੁਹਾਡਾ ਕੰਮ ਨਹੀਂ ਹੁੰਦਾ, ਤਾਂ ਅਸੀਂ ਤੁਹਾਡੀ ਸ਼ਿਕਾਇਤ ਦੀ ਜਾਂਚ ਕਰਾਂਗੇ। ਜੇ ਅਸੀਂ ਤੁਹਾਡੀ ਸ਼ਿਕਾਇਤ ਦੀ ਜਾਂਚ ਨਹੀਂ ਕਰ ਸਕਦੇ, ਤਦ ਵੀ ਅਸੀਂ ਤੁਹਾਨੂੰ ਲਾਹੇਵੰਦ ਜਾਣਕਾਰੀ ਦੇ ਸਕਦੇ ਹਾਂ ਅਤੇ ਤੁਹਾਨੂੰ ਕਿਸੇ ਹੋਰ ਸੰਗਠਨ ’ਚ ਜਾਣ ਲਈ ਕਹਿ ਸਕਦੇ ਹਾਂ।

ਅਸੀ਼ ਕੀ ਕਰਦੇ ਹਾਂ

ਅਸੀਂ ਵਿਵਾਦ ਜਾਂ ਮਸਲੇ ਹੱਲ ਕਰਨ ਵਾਲੀ ਇਕ ਸੁਤੰਤਰ ਯੋਜਨਾ ਹਾਂ। ਅਸੀਂ ਬੈਂਕਿੰਗ ਬਾਰੇ ਸ਼ਿਕਾਇਤਾਂ ਹੱਲ ਕਰਦੇ ਹਾਂ, ਭਾਵੇਂ ਇਸ ਵਿੱਚ ਬੀਮਾ ਤੇ ਸੇਵਾ-ਮੁਕਤੀ ਸਮੇਂ ਅਦਾਇਗੀਆਂ ਨਾਲ ਸਬੰਧਤ ਸ਼ਿਕਾਇਤਾਂ ਵੀ ਸ਼ਾਮਲ ਹੋ ਸਕਦੀਆਂ ਹਨ। ਨਿਊ ਜ਼ੀਲੈਂਡ ਦੇ ਸਾਰੇ ਮੁੱਖ ਬੈਂਕ ਸਾਡੀ ਯੋਜਨਾ ਨਾਲ ਸਬੰਧਤ ਹਨ। ਸਾਡੇ ਵੱਲੋਂ ਦਿੱਤੀ ਜਾਣ ਵਾਲੀ ਸਲਾਹ ਨਿਆਂਪੂਰਨ ਤੇ ਨਿਰਪੱਖ ਹੁੰਦੀ ਹੈ। ਅਸੀਂ ਕਿਸੇ ਦਾ ਕੋਈ ਪੱਖ ਨਹੀ਼ ਲੈਂਦੇ ਜਾਂ ਗਾਹਕਾਂ ਜਾਂ ਬੈਂਕਾਂ ਲਈ ਵਕੀਲ ਵਜੋਂ ਕੰਮ ਕਰਦੇ ਹਾਂ। ਸਾਡੀ ਸੇਵਾ ਨਾ ਸਿਰਫ਼ ਪੇਸ਼ੇਵਰਾਨਾ ਅਤੇ ਪੱਖਪਾਤ ਤੋਂ ਮੁਕਤ ਹੈ, ਸਗੋਂ ਇਹ ਮੁਫ਼ਤ ਵੀ ਹੈ। ਅਤੇ ਤੁਹਾਨੂੰ ਕਿਸੇ ਵੇਲੇ ਵਕੀਲ ਦੀ ਜ਼ਰੂਰਤ ਨਹੀਂ, ਜਦੋਂ ਅਸੀਂ ਤੁਹਾਡੀ ਸ਼ਿਕਾਇਤ ਦੀ ਪੜਤਾਲ ਕਰ ਰਹੇ ਹੋਈਏ।

ਅਸੀਂ ਕਿਵੇਂ ਕੰਮ ਕਰਦੇ ਹਾਂ

ਅਸੀਂ ਤੁਹਾਡੀ ਸਾਰੀ ਗੱਲ ਸੁਣਦੇ ਹਾਂ, ਅਸੀਂ ਤੁਹਾਡੇ ਬੈਂਕ ਦੀ ਗੱਲ ਸੁਣਦੇ ਹਾਂ, ਫਿਰ ਅਸੀਂ ਜ਼ਰੂਰਤ ਮੁਤਾਬਕ ਤੱਥ ਜਾਂ ਦਸਤਾਵੇਜ਼ ਇਕੱਠੇ ਕਰਦੇ ਹਾਂ ਅਤੇ ਫਿਰ ਅਸੀਂ ਇੱਕ ਹੱਲ ਸੁਝਾਉਂਦੇ ਹਾਂ ਅਤੇ ਤੁਸੀਂ ਤੁਹਾਡਾ ਬੈਂਕ ਉਸ ਨਾਲ ਸਹਿਮਤ ਹੋਵੇਗਾ। ਜੇ ਤੁਸੀ਼ ਦੋਵੇਂ ਸਹਿਮਤ ਨਹੀਂ ਹੁੰਦੇ, ਤਾਂ ਅਸੀਂ ਤੁਹਾਡੇ ਮਾਮਲੇ ਬਾਰੇ ਇੱਕ ਰਸਮੀ ਫ਼ੈਸਲਾ ਲਵਾਂਗੇ। ਤੁਸੀਂ ਉਸ ਫ਼ੈਸਲੇ ਨੂੰ ਮੰਨਣ ਜਾਂ ਰੱਦ ਕਰਨ ਲਈ ਆਜ਼ਾਦ ਹੋ। ਜੇ ਤੁਸੀਂ ਇਸ ਨੂੰ ਪ੍ਰਵਾਨ ਕਰਦੇ ਹੋ, ਤਾਂ ਬੈਂਕ ਨੂੰ ਵੀ ਜ਼ਰੂਰ ਹੀ ਇਹ ਪ੍ਰਵਾਨ ਕਰਨਾ ਹੋਵੇਗਾ। ਜੇ ਤੁਸੀਂ ਇਸ ਨੂੰ ਰੱਦ ਕਰਦੇ ਹੋ, ਤਾਂ ਅਸੀਂ ਤੁਹਾਡੀ ਹੋਰ ਮਦਦ ਨਹੀਂ ਕਰ ਸਕਾਂਗੇ, ਪਰ ਤੁਸੀਂ ਆਪਣੀ ਸ਼ਿਕਾਇਤ ਅਦਾਲਤਾਂ ਕੋਲ ਲਿਜਾ ਸਕਦੇ ਹੋ। ਵੇਖੋ ਸ਼ਿਕਾਇਤਾਂ ਦੀ ਪ੍ਰਕਿਰਿਆ ਸਾਡੀ ਵੈੱਬਸਾਈਟ ’ਤੇ ਵੇਰਵਿਆਂ ਲਈ (ਇਹ ਪੰਨਾ ਅੰਗਰੇਜ਼ੀ ਵਿਚ ਹੈ)।

ਅਸੀਂ ਕਿਸ ਦੀ ਮਦਦ ਕਰ ਸਕਦੇ ਹਾਂ

ਅਸੀਂ ਅਜਿਹੇ ਕਿਸੇ ਵੀ ਵਿਅਕਤੀ ਦੀਆਂ ਸ਼ਿਕਾਇਤਾਂ ’ਤੇ ਗ਼ੌਰ ਕਰ ਸਕਦੇ ਹਾਂ ਜਿਸ ਦਾ ਬੈਂਕ (ਜਾਂ ਉਸ ਦੀ ਕੋਈ ਸਹਾਇਕ ਸ਼ਾਖ਼ਾ ਜਾਂ ਸਬੰਧਤ ਕੰਪਨੀਆਂ) ਸਾਡੀ ਯੋਜਨਾ ਨਾਲ ਸਬੰਧਤ ਹੋਵੇ। ਕਈ ਕ੍ਰੈਡਿਟ ਯੂਨੀਅਨਾਂ ਤੇ ਬਿਲਡਿੰਗ ਸੁਸਾਇਟੀਆਂ ਵੀ ਸਾਡੀ ਯੋਜਨਾ ਨਾਲ ਸਬੰਧਤ ਹਨ। ਚੈੱਕ ਕਰੋ ਭਾਗੀਦਾਰਾਂ ਦਾ ਪੰਨਾ ਸਾਡੀ ਵੈੱਬਸਾਈਟ ’ਤੇ, ਇਹ ਵੇਖਣ ਲਈ ਕਿ ਕੀ ਤੁਹਾਡਾ ਬੈਂਕ ਸਾਡੀ ਯੋਜਨਾ ਦਾ ਮੈਂਬਰ ਹੈ। ਜੇ ਤੁਹਾਡਾ ਵਿੱਤੀ ਸਰਵਿਸ ਪ੍ਰੋਵਾਈਡਰ ਸਾਡੀ ਯੋਜਨਾ ਵਿੱਚ ਨਹੀਂ ਹੈ, ਤਾਂ ਚੈੱਕ ਕਰੋ ਫ਼ਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰਜ਼ ਰਜਿਸਟਰ ਇਹ ਪਤਾ ਲਾਉਣ ਲਈ ਕਿ ਉਹ ਕਿਹੜੀ ਯੋਜਨਾ ਨਾਲ ਸਬੰਧਤ ਹੈ। ਅਸੀਂ ਮਦਦ ਕਰ ਸਕਦੇ ਹਾਂ ਵਿਅਕਤੀਆਂ, ਸਮੂਹਾਂ, ਕਾਰੋਬਾਰਾਂ, ਕਲੱਬਾਂ ਤੇ ਟਰੱਸਟਾਂ ਦੀ।

ਇੱਕ ਸ਼ਿਕਾਇਤ ਕਰਨੀ

ਤੁਸੀਂ ਭਰ ਸਕਦੇ ਹੋ ਆਨਲਾਈਨ ਸ਼ਿਕਾਇਤ ਫ਼ਾਰਮ, ਸਾਨੂੰ ਭੇਜ ਸਕਦੇ ਹੋ ਇਕ ਈਮੇਲ ਜਾਂ ਚਿੱਠੀ ਜਾਂ ਸਾਨੂੰ ਇੱਕ ਕਾਲ ਕਰੋ। ਜੇ ਤੁਸੀਂ ਸਾਨੂੰ ਇੱਕ ਈਮੇਲ ਜਾਂ ਚਿੱਠੀ ਭੇਜਦੇ ਹੋ, ਤਾਂ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਹਾਡੇ ਬੈਂਕ ਨੇ ਕੀ ਗ਼ਲਤ ਕੀਤਾ ਹੈ, ਇਸ ਨਾਲ ਤੁਹਾਡਾ ਵਿੱਤੀ ਤੌਰ ’ਤੇ (ਜਾਂ ਕਿਸੇ ਹੋਰ ਤਰੀਕੇ) ਕਿਵੇਂ ਨੁਕਸਾਨ ਹੋਇਆ, ਅਤੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਬੈਂਕ ਇਸ ਬਾਰੇ ਕੀ ਕਰੇ। ਸਾਡੀ ਵੈੱਬਸਾਈਟ ’ਤੇ ਕੇਸ-ਨੋਟਸ ਹਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਬਿਲਕੁਲ ਤੁਹਾਡੀ ਸ਼ਿਕਾਇਤ ਵਰਗੇ ਮਾਮਲੇ ਅਸੀਂ ਕਿਵੇਂ ਨਿਬੇੜੇ ਹਨ।

ਮੁਆਵਜ਼ਾ

ਸਾਡੇ ਕੋਲ ਸਿੱਧੇ ਨੁਕਸਾਨਾਂ ਲਈ $500,000 ਤੱਕ ਦਾ ਮੁਆਵਜ਼ਾ ਦਿਵਾਉਣ ਦੇ ਅਧਿਕਾਰ ਹਨ। ਅਸੀਂ ਵਿੱਤੀ ਯੋਜਨਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਕਾਰਨ ਹੋਏ ਤਣਾਅ, ਪਰੇਸ਼ਾਨੀ ਜਾਂ ਖ਼ਰਾਬੀ ਲਈ $10,000 ਤੱਕ ਦਾ ਮੁਆਵਜ਼ਾ ਵੀ ਦਿਵਾ ਸਕਦੇ ਹਾਂ। ਅਸੀਂ ਬੈਂਕਾਂ ਤੇ ਗਾਹਕਾਂ ਵਿਚਾਲੇ ਸਮਝੌਤੇ ਕਰਵਾਉਣ ਦੋਰਾਨ ਉਨ੍ਹਾਂ ਵਿੱਚ ਮੁਆਫ਼ੀਨਾਮਾ, ਬੈਂਕ ਫੀਸ ਮੁਆਫ਼ ਕਰਨਾ, ਕਿਸੇ ਗਾਹਕ ਦਾ ਕਰਜ਼ਾ ਘਟਾਉਣਾ ਜਾਂ ਵਿਆਜ ਦੀ ਬਿਹਤਰ ਦਰ ਦਿਵਾਉਣਾ ਸ਼ਾਮਲ ਹਨ। ਕਿਸੇ ਫ਼ੈਸਲੇ ਨੂੰ ਰੋਕ ਕੇ ਰੱਖਣ ਨਾਲੋਂ ਇੱਕ ਸਮਝੌਤਾ ਤੇਜ਼ੀ ਨਾਲ ਹੋ ਜਾਂਦਾ ਹੈ - ਅਤੇ ਗਾਹਕ ਅਜਿਹੇ ਨਤੀਜੇ ਤੋਂ ਅਕਸਰ ਖ਼ੁਸ਼ ਹੁੰਦੇ ਹਨ।

ਅਸੀਂ ਕੀ ਨਹੀਂ ਕਰਦੇ

ਮੰਦੇਭਾਗੀਂ, ਅਸੀਂ ਹਰ ਕਿਸਮ ਦੀ ਬੈਂਕਿੰਗ ਸ਼ਿਕਾਇਤ ’ਤੇ ਗ਼਼ੌਰ ਨਹੀਂ ਕਰ ਸਕਦੇ। ਉਦਾਹਰਣ ਵਜੋਂ, ਅਸੀਂ ਬੈਂਕ ਵੱਲੋਂ ਵਸੂਲੀ ਜਾਣ ਵਾਲੀ ਵਿਆਜ ਦੀ ਦਰ ਜਾਂ ਫ਼ੀਸ ਦੇ ਆਕਾਰ ਬਾਰੇ ਕਿਸੇ ਸ਼ਿਕਾਇਤ ਦੀ ਪੜਤਾਲ ਨਹੀਂ ਕਰ ਸਕਦੇ। (ਉਹ ‘‘ਵਪਾਰਕ ਫ਼ੈਸਲੇ’’ ਦਾ ਮਾਮਲਾ ਅਖਵਾਉਂਦਾ ਹੈ)। ਪਰ ਅਸੀਂ ਉਸ ਸ਼ਿਕਾਇਤ ’ਤੇ ਗ਼ੌਰ ਕਰ ਸਕਦੇ ਹਾਂ ਕਿ ਇੱਕ ਬੈਂਕ ਇੱਕ ਫ਼ੀਸ ਜਾਂ ਵਿਆਜ ਨੂੰ ਲਾਗੂ ਕਿਵੇਂ ਕਰਦਾ ਹੈ। ਅਸੀਂ ਉਨ੍ਹਾਂ ਮਾਮਲਿਆਂ ਦੀ ਪੜਤਾਲ ਨਹੀਂ ਕਰ ਸਕਦੇ, ਜੋ ਬਹੁਤ ਲੰਮਾ ਸਮਾਂ ਪਹਿਲਾਂ ਵਾਪਰੇ ਹੋਣ, ਉਹ ਮਾਮਲੇ ਜਿਨ੍ਹਾਂ ਵਿੱਚ $500,000 ਤੋਂ ਵੱਧ ਦੇ ਸਿੱਧੇ ਨੁਕਸਾਨ ਹੋਏ ਹੋਣ, ਜਾਂ ਜਿੱਥੇ ਤੁਸੀਂ ਪਹਿਲਾਂ ਆਪਣੇ ਬੈਂਕ ਨਾਲ ਸਮੱਸਿਆ ਸੁਲਝਾ ਚੁੱਕੇ ਹੋ।